ਲੋਕ ਸਭਾ ਚੋਣਾਂ : ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸਾਂ ਨਾਲ ਪੁਲਿਸ ਵੱਲੋਂ ਵਰਤੀ ਢਿੱਲ ਪੈ ਸਕਦੀ ਐ ਭਾਰੀ

ਨਰਪਿੰਦਰ ਸਿੰਘ ਧਾਲੀਵਾਲ-

ਲੋਕ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਜਿੱਥੇ ਚੋਣ ਕਮਿਸਨ ਨੇ ਸਖਤ ਪੇਸਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ , ਉੱਥੇ ਸੂਬੇ ਅੰਦਰ ਘੁੰਮ ਰਹੇ ਅਪਰਾਧਿਕ ਪਿਛੋਕੜ ਵਾਲੇ ਭੱਦਰ ਪੁਰਸਾਂ ਬਾਰੇ ਪੁਲਿਸ ਵੱਲੋਂ ਵਰਤੀ ਗਈ ਢਿੱਲ ਭਾਰੀ ਪੈ ਸਕਦੀ ਹੈ | ਪੰਜਾਬ ‘ਚ ਹਜਾਰਾਂ ਭਗੌੜੇ ਮੁਲਜਮਾਂ ਨੂੰ ਫੜ੍ਹਣ ‘ਚ ਪੁਲਸੀਆ ਤੇ ਖੁਫੀਆ ਤੰਤਰ ਫੇਲ੍ਹ ਰਿਹਾ ਹੈ | ਭਗੌੜੇ ਮੁਲਜਮਾਂ ਨੂੰ ਫੜ੍ਹਣ ‘ਚ ਵਿਖਾਈ ਜਾ ਰਹੀ ਢਿੱਲ-ਮੱਠ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ | ਅਦਾਲਤ ਵੱਲੋਂ ਏ.ਡੀ.ਜੀ.ਪੀ ਅਮਨ ਤੇ ਕਾਨੂੰਨ ਨੂੰ ਜਿਲ੍ਹਾ ਪੱਧਰੀਆਂ ਕਮੇਟੀਆਂ ਬਣਾ ਕੇ ਐਸ.ਐਸ.ਪੀਜ ਵੱਲੋਂ ਕੀਤੇ ਗਏ ਐਕਸਨ ਦੀ ਤਿਮਾਹੀ ਰਿਪੋਰਟ ਹਾਸਲ ਕਰਨ ਦੇ ਵੀ ਨਿਰਦੇਸ ਦਿੱਤੇ ਹੋਏ ਹਨ | ਇਹ ਕਿ ਸਾਲ 2023 ਵਿਚ ਸੂਬਾ ਪੁਲਿਸ ਸਿਰਫ 674 ਭਗੌੜਿਆਂ ਨੂੰ ਹੀ ਫੜ੍ਹਣ ਵਿਚ ਕਾਮਯਾਬ ਹੋਈ ਹੈ | ਪੁਲਿਸ ਅਤੇ ਅਦਾਲਤਾਂ ਵਿਚੋਂ ਜਮਾਨਤਾਂ ਕਰਵਾ ਕੇ ਵਾਪਿਸ ਨਾ ਆਉਣ ਵਾਲੇ ਭਗੌੜੇ ਮੁਲਜਮਾਂ ਬਾਰੇ ਜੇਕਰ ਬਠਿੰਡਾ ਜਿਲ੍ਹੇ ਅੰਦਰ ਝਾਤ ਮਾਰੀਏ ਤਾਂ ਲਗਭਗ 550 ਮੁਲਜਮ ਪਿੁਲਸ ਦੀ ਪਕੜ ਤੋੋਂ ਬਾਹਰ ਹਨ ਅਤੇ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਉਕਤ ਹਿਸਾਬ ਨਾਲ ਇਹ ਅੰਕੜਾ ਹਜਾਰਾਂ ਦੀ ਗਿਣਤੀ ਤੱਕ ਪੁਜਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ | ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਦੇ ਵੱਖ ਵੱਖ ਥਾਣਿਆਂ ਵੱਲੋਂ ਲਗਭਗ 210 ਮੁਲਜਮਾਂ ਨੂੰ ਭਗੌੜੇ ਕਰਾਰ ਦਿੱਤਾ ਹੋਇਆ ਹੈ ਅਤੇ ਅਦਾਲਤਾਂ ਚੋਂ ਜਮਾਨਤਾਂ ਕਰਵਾ ਕੇ ਵਾਪਸ ਨਾ ਆਉਣ ਵਾਲੇ 375 ਭਗੌੜੇ ਮੁਲਜਮਾਂ ਨੁੂੰ ਵੀ ਕਾਬੂ ਕਰਨ ਵਿਚ ਪੁਲਿਸ ਫੇਲ੍ਹ ਰਹੀ ਹੈ | ਜੇਕਰ ਅਮਿ੍ਤਸਰ ਜਿਲ੍ਹੇ ਦੇ ਗੱਲ ਕਰੀਏ ਤਾਂ ਪਿਛਲੇ 15 ਸਾਲਾਂ ਵਿਚ 1096 ਵਿਅਕਤੀਆਂ ਨੂੰ ਭਗੌੜੇ ਕਰਾਰ ਦਿੱਤਾ ਗਿਆ ਜਿਹਨਾਂ ਵਿਚੋਂ ਪੁਲਿਸ 553 ਨੂੰ ਹੀ ਗਿ੍ਫਤਾਰ ਕਰ ਸਕੀ ਹੈ | ਹਲਾਂਕਿ ਚੋਣ ਕਮਿਸਨ ਦੀ ਸਖਤੀ ਦੇ ਚੱਲਦਿਆਂ ਚੋਣਾਂ ਦੌਰਾਨ ਹੁੜਦੁੰਗ ਮਚਾਉਣ ਵਾਲੇ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਲੇਕਿਨ ਬਹੁਤ ਸਾਰੇ ਭੱਦਰ ਪੁਰਸ ਪਿੁਲਸ ਦੀ ਬਾਜ ਅੱਖ ਤੋਂ ਬਚ ਕੇ ਰਹਿਣ ਵਿਚ ਕਾਮਯਾਬ ਹੋ ਜਾਂਦੇ ਹਨ | ਜਾਣਕਾਰੀ ਅਨੁਸਾਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ 37 ਸੀਟਾਂ ਉੱਤੇ ਹਿੰਦੂ ਅਤੇ 78 ਸੀਟਾਂ ਉਪਰ ਸਿੱਖ ਵੋਟਰਾਂ ਦਾ ਪ੍ਰਭਾਵ ਹੈ | ਇਹ ਵੀ ਕਿ ਬਠਿੰਡਾ ਲੋਕ ਸਭਾ ਹਲਕੇ ‘ਚ 6 ਸੀਟਾਂ ਵਿਚੋਂ 5 ਸੀਟਾਂ ਸਿੱਖਾਂ ਅਤੇ ਇੱਕ ਸੀਟ ਹਿੰਦੂ ਵੋਟਰਾਂ ਦੇ ਵਧੇਰੇ ਪ੍ਰਭਾਵ ਹੇਠ ਮੰਨੀ ਜਾਂਦੀ ਹੈ | ਚੋਣ ਕਮਿਸਨ ਵੱਲੋਂ ਹਲਾਂਕਿ ਸੂਬੇ ਦੇ 3 ਹਜਾਰ ਤੋਂ ਵੱਧ ਹਲਕਿਆਂ ਨੁੰ ਸੰਵੇਦਣਸੀਲ ਐਲਾਨਿਆ ਹੋਇਆ ਹੈ ਲੇਕਿਨ ਬਠਿੰਡਾ ਸੀਟ ਹਮੇਸਾ ਹਾਟ ਸੀਟ ਮੰਨੀ ਜਾਂਦੀ ਹੈ ਅਤੇ ਇਸ ਵਾਰ ਇਸ ਸੀਟ ਉੱਤੇ ਬਾਦਲ ਅਤੇ ਮਲੂਕਾ ਪਰਿਵਾਰ ਦੀਆਂ ਨੂੰਹਾਂ ਸਮੇਤ ਆਮ ਆਦਮੀ ਪਾਰਟੀ ਦੇ ਕੈਬਨਿਟ ਵਜੀਰ ਗੁਰਮੀਤ ਸਿੰਘ ਖੁੱਡੀਆਂ , ਕਾਂਗਰਸ ਦੇ ਧਾਕੜ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਅਮਿ੍ਤਸਰ ਅਕਾਲੀ ਦਲ ਦੇ ਲੱਖਾ ਸਿੰਘ ਸਿਧਾਣਾ ਵਿਚ ਜਬਰਦਸਤ ਮੁਕਾਬਲਾ ਹੋਣ ਦੇ ਆਸਾਰ ਹਨ ਅਤੇ ਸਾਰੀਆਂ ਹੀ ਧਿਰਾਂ ਵੱਲੋਂ ਜਿੱਤ ਲਈ ਹਰ ਹਰਬਾ ਵਰਤਿਆ ਜਾਵੇਗਾ | ਇਸ ਸੀਟ ਉੱਤੇ ਚੋਣ ਕਮਿਸਨ ਦੀ ਵਿਸੇਸ ਨਜਰ ਰਹੇਗੀ |

Leave a Reply

Your email address will not be published. Required fields are marked *